MyDiary

ਖੁਸ਼ੀ ਤੇ ਉਦਾਸੀ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣਦੀਆਂ ਹਨ, ਜ਼ਿੰਦਗੀ ਦੇ ਇਹਨਾਂ ਉਤਰਾਵਾਂ ਚੜ੍ਹਾਵਾਂ ਵਿੱਚੋਂ ਹੀ ਕੁੱਝ ਬੋਲ ਜਨਮ ਲੈਂਦੇ ਹਨ। ਮੇਰੇ ਜ਼ਹਿਨ ‘ਚ ਵੀ ਕੁੱਝ ਬੋਲ ਸਮੇਂ ਦੇ ਨਾਲ ਆਏ ਜੋ ਕਿ ਸੁਭਾਵਿਕ ਹੈ, ਕੁੱਝ ਨੂੰ ਕਲਮ ਨਸੀਬ ਹੋਈ ਕੁੱਝ ਕਿਸੇ ਕਾਰਣ ਬਸ ਖਿਆਲਾਂ ਵਿੱਚ ਹੀ ਰਹੇ। ਜੋ ਕੁੱਝ ਕਲਮ ਬੱਧ ਕੀਤੇ ਉਹਨਾਂ ਵਿੱਚੋ ਕੁੱਝ ਕੁ ਮੈਂ ਆਪ ਨਾਲ ਇੱਥੇ ਸਾਂਝੇ ਕਰਨ ਜਾ ਰਿਹਾ, ਮੇਰੇ ਇਹਨਾਂ ਲੇਖਾਂ ਤੋਂ ਜਿਆਦਾ ਵਧੀਆ ਹੋਣ ਦੀ ਆਸ ਨਾ ਰੱਖਣਾ ਕਿਉਂਕੀ ਮੈਂ ਕੋਈ ਕਵੀ ਯਾਂ ਸ਼ਾਇਰ ਨਹੀ…

Go ahead and read my posts if you wanna have a look at what I am talking about… :)

ਜ਼ਿੰਦਗੀ ਦੀ ਜੰਗ

“ਸੁਨੇਹਰਾ ਭਵਿੱਖ” ਤਲਾਸ਼ ਜਿਸਦੀ ਵਿੱਚ,
ਮਾਪੇ ਤੁਰ ਗਏ ਪਰਦੇਸਾਂ ਨੂੰ,
ਤੇ ਮੈਂ ਤੁਰ ਛੱਡ ਘਰ ਬਾਰ ਗਿਆ,
ਖੇਰੂ ਖੇਰੂ ਹੁੰਦਾ ਇਹਨਾਂ ਅੱਖਾਂ ਅੱਗੇ,
ਮੇਰਾ ਓਹ ਸੁਖੀ ਸੰਸਾਰ ਗਿਆ,
ਅੱਜ ਬੈਠੇ ਨੂੰ ਜਦ ਦਿਲ ਲੈ ਯਾਦਾਂ ਦੇ ਪਾਰ ਗਿਆ,
ਇੰਝ ਜਾਪੇ, ਜੰਗ ਜ਼ਿੰਦਗੀ ਦੀ ਜਿਵੇਂ ਹਾਰ ਗਿਆ,

ਯਾਰਾਂ ਤੋਂ ਮਿਲਦਾ ਸਤਿਕਾਰ ਤੇ ਅਪਣਿਆਂ ਤੋਂ ਪਿਆਰ ਰਿਹਾ,
ਜਿੱਥੇ ਨਾ ਕੰਮ ਕਿਸੇ ਅਪਣੇ ਦੇ ਆ ਸਕਾਂ,
ਮੈਂ ਆ ਦਰਿਆ ਦੇ ਉਸ ਪਾਰ ਗਿਆ,
ਦਿਲ ਦੀ ਇਸ ਅਵਾਜ਼ ਨੂੰ ਕਿੰਝ ਦੱਬ ਮੈਂ ਵਿਚਕਾਰ ਦਿਆ,
ਇੰਝ ਜਾਪੇ, ਜੰਗ ਜ਼ਿੰਦਗੀ ਦੀ ਜਿਵੇਂ ਹਾਰ ਗਿਆ,

ਜਦ ਤਾਂਘ ਨਾ ਮੁੱਕੀ ਇਸ ਦਿਲ ਵਿੱਚੋਂ,
ਤਾਂ ਹੰਭਲਾ ਮਾਰ ਮੈਂ ਸੱਤ ਸਮੁੰਦਰੋਂ ਪਾਰ ਗਿਆ,
ਜਿੱਥੇ ਸੁਪਨਾ ਹਰ ਪੰਜਾਬੀ ਦਾ ਹੋ ਸਾਕਾਰ ਗਿਆ,
ਕਿਸਮਤ ਬਲਵਾਨ ਯਾਰੋ, ਮੈਨੂੰ ਓਹ ਮੁਲਕ ਵੀ ਨਕਾਰ ਗਿਆ,
ਤਾਂ ਇੰਝ ਜਾਪੇ, ਜੰਗ ਜ਼ਿੰਦਗੀ ਦੀ ਜਿਵੇਂ ਹਾਰ ਗਿਆ,

ਨਾ ਜ਼ਿੰਦਗੀ ਰੁੱਕੇ, ਨਾ ਸਮਾਂ ਕਿਸੇ ਲਈ,
ਪਲ ਪਲ ਕਰਕੇ ਲੰਘਦਾ ਪਲ ਹਜ਼ਾਰ ਗਿਆ,
ਦਿਲ ਖੋਲਿਆ ਜਿਸ ਕਿਸੇ, ਮੈਂ ਉਸਤੋਂ ਸੱਭ ਵਾਰ ਗਿਆ,
ਦਿਲ ਦੁੱਖਿਆ, ਜਦ ਨਾ-ਸਮਝ ਮਿਲ ਕੋਈ ਯਾਰ ਗਿਆ,
ਇੰਝ ਜਾਪੇ, ਜੰਗ ਜ਼ਿੰਦਗੀ ਦੀ ਜਿਵੇਂ ਹਾਰ ਗਿਆ,

ਦਿਲਾ ਮੇਰੇਆ ਇਹ ਕਰਮਾਂ ਦੇ ਲੇਖੇ ਜੋਖੇ ਨੇ,
ਦੇਣਾ ਮਾਪਿਆਂ ਦਾ ਕਿਵੇਂ ਦੇਵੇਂਗਾ ਜੇਕਰ ਕੀਤਾ ਓਹਨਾਂ ਦਾ ਵਿਸਾਰ ਗਿਆ,
ਵੱਧਿਆ ਚੱਲ, ਬਣ ਪਾਂਧੀ ਇਹਨਾਂ ਰਾਹਾਂ ਦਾ,
ਜ਼ਿੰਦਗੀ ਹੋ ਜਾਉ ਬੇ-ਮੁੱਲੀ, ਜੇ ਤੂੰ ਬਹਿ ਹਿੱਮਤ ਹਾਰ ਗਿਆ,
ਰੱਖ ਭਰੋਸਾ ਓਸ ਰੱਬ ਤੇ, ਲਿਆ ਨਾਮ ਜਿਸਦਾ ਗਰੇਵਾਲਾ ਤੈਨੂੰ ਤਾਰ ਰਿਹਾ,
ਇੰਝ ਜਾਪੇ, ਜੰਗ ਜ਼ਿੰਦਗੀ ਦੀ ਅੱਜੇ ਨਹੀਂ ਤੂੰ ਹਾਰ ਗਿਆ,
ਡੁੱਬਦੇ ਹੋਏ ਲਿਆ ਨਾਮ ਰੱਬ ਦਾ, ਅੱਜੇ ਤਾਂ ਤੈਨੂੰ ਤਾਰ ਰਿਹਾ…

ਯਾਦ ਆਉਂਦੀ ਐ

ਲੰਮੇ ਪੈ ਰਾਤਾਂ ਨੂੰ ਗਿਣਦੇ ਰਹਿੰਦੇ ਸਾਂ ਤਾਰੇ,
ਦਿਨ ਪਿਆਰੇ ਬਚਪਨ ਦੇ ਜੋ ਘਰਦਿਆਂ ਸੰਗ ਗੁਜ਼ਾਰੇ,
ਹੁਣ ਮਾਲਾਂ ਤੇ ਸਿਨਮੇਆਂ ‘ਚ ਜਾ ਕੇ ਡੰਗ ਟਪਾਉਂਦੇ ਨੂੰ,
ਦਾਦੀ ਤੋਂ ਸੁਣੀ ਰੂਪ ਬਸੰਤ ਦੀ ਕਹਾਣੀ ਯਾਦ ਆਉਂਦੀ ਐ,
ਬਚਪਨ ਦੀ ਹਰ ਮੌਜ ਮਾਣੀ ਯਾਦ ਆਉਂਦੀ ਐ,

ਬੰਦ ਪੈਕਟਾਂ ਦੀ ਲੱਸੀ ਪੀਂਦੇ ਨੂੰ,
ਤੇ ਮੁੱਲ ਦਾ ਮੱਖਣ ਖਾਂਦੇ ਨੂੰ,
ਦੁੱਧ ਰਿੜੱਕਦੀ, ਮੱਖਣੀ ਕੱਢਦੀ,
ਅੰਮੜੀ ਦੀ ਮਧਾਣੀ ਯਾਦ ਆਉਂਦੀ ਐ,

ਘਰ ਦੇ ਦੁੱਧ ਦਾ ਸੀ ਖੋਆ ਖਾਂਦੇ,
ਕਦੇ ਸੇਵੀਆਂ ਤੇ ਕਦੇ ਖੀਰ ਬਣਾਉਂਦੇ,
ਹੁਣ ਮਿਲਾਵਟੀ ਦੁੱਧ ਖੋਏ ਤੋਂ ਡਰਦੇ ਨੂੰ,
ਮੱਝ ਓਹ ਮੀਣੀ ਯਾਦ ਆਉਂਦੀ ਐ,

ਪਹੁ ਫੁਟਾਲੇ ਹੁਣ ਸੁਣਦਾ ਸਿਰਫ ਸ਼ੋਰ-ਸ਼ਰਾਬਾ,
ਓਦੋਂ ਅਮ੍ਰਿਤ ਵੇਲੇ ਗੁਰੂ ਘਰੋਂ ਆਉਂਦੀ,
ਮਨ ਨੂੰ ਸ਼ਾਂਤ ਕਰ ਗੁਰੂ ਲੜ ਲਾਉਂਦੀ,
ਨਾਨਕ ਦੀ ਓਹ ਬਾਣੀ ਯਾਦ ਆਉਂਦੀ ਐ,

ਯਾਰ ਜ਼ਿੰਦਗੀ ਦੇ ਰੁਝੇਵਿਆਂ ‘ਚ ਪੈ ਗਏ,
ਹੁਣ ਬਸ ਕੰਪਨੀ ਦੇ ਕੰਮਾਂ ਜੋਗੇ ਰਹਿ ਗਏ,
ਯਾਰਾਂ ਨਾਲ ਬਿਤਾਈ ਜ਼ਿੰਦਗੀ ਪੁਰਾਣੀ ਯਾਦ ਬੜੀ ਆਉਂਦੀ ਐ,
ਢੋਲੇ ਦੀਆਂ ਲਾਉਂਦੀ ਯਾਰਾਂ ਦੀ ਓਹ ਢਾਣੀ ਯਾਦ ਆਉਂਦੀ ਐ,

ਭਾਂਵੇ ਘੁੰਮਦੇ ਹਾਂ ਹੁਣ ਵਿਚ ਮੋਟਰ ਕਾਰਾਂ,
ਹੋਰ ਵੀ ਮਿਲ ਗਏ ਆ ਸੁੱਖ ਦੇ ਸਾਧਨ ਹਜ਼ਾਰਾਂ,
ਪਰ ਅੱਜ ਵੀ ਰਾਹੇ ਜਾਂਦੇ ਗਰੇਵਾਲ ਨੂੰ, ਮੇਲੇ ਜਾਂਦੇ ਹੋਏ…
ਮੋਢੇ ਬਾਪੂ ਦੇ ‘ਤੇ ਲਈ ਢਾਣੀ ਯਾਦ ਆਉਂਦੀ ਐ,
ਬਚਪਨ ਦੀ ਹਰ ਮੌਜ ਮਾਣੀ ਯਾਦ ਆਉਂਦੀ ਐ…

ਜਿੰਦੇ ਮੈਂ

ਮਾਇਆ ਮੋਹਣੀ ਇਸ ਨਗਰੀ ਵਿੱਚ,
ਜਿੰਦੇ ਮੈਂ ਐਤਬਾਰ ਬਦਲਦੇ ਵੇਖੇ ਨੇ,
ਇਸ ਸਫਰ ਲਮੇਰੇ ਜ਼ਿੰਦਗੀ ਦੇ ਵਿੱਚ,
ਜਿੰਦੇ ਮੈਂ ਕਈ ਰਾਹਦਾਰ ਬਦਲਦੇ ਵੇਖੇ ਨੇ,

ਕਈ ਕਹਿੰਦੇ ਯਾਰੀ ਹੈ ਨਾਮ ਨੱਬੀ ਦਾ,
ਜਿੱਥੇ ਲਾਉਂਦੇ ਤੋੜ ਨਿੱਭਾਉਂਦੇ,ਪਰ;
ਮੋਹ ਮਾਇਆ ਦੇ ਜਾਲ ‘ਚ ਫਸਕੇ,
ਜਿੰਦੇ ਮੈਂ ਯਾਰਾਂ ਦੇ ਇਮਾਨ ਬਦਲਦੇ ਵੇਖੇ ਨੇ,

ਹਰੇ ਵਾਲੇ ਤੇ ਲਾਲ ਵਾਲੇ, ਤੇ ਕਈ ਸਨ ਕੇਸਰੀ ਨਿਸ਼ਾਨ ਵਾਲੇ,
ਤਾਵੀਜ਼ ਕਰਾਉਂਦੇ, ਤੇ ਕਈ ਪੱਥਰਾਂ ਤਾਂਈ ਦੁੱਧ ਪਿਲਾਉਂਦੇ ਵੇਖੇ ਨੇ,
ਮੌਕਾ ਪ੍ਰੱਸਤਾਂ ਦੀ ਇਸ ਦੁਨੀਆਂ ਵਿੱਚ,
ਜਿੰਦੇ ਮੈਂ ਲੋਕਾਂ ਦੇ ਪੈਰੋਕਾਰ ਬਦਲਦੇ ਵੇਖੇ ਨੇ,

ਪੈਸਾ ਪੈਸਾ ਕਰਦੀ ਫਿਰੇਂ ਜਿੰਦੇ ਤੂੰ,
ਖਰੀਦ ਸਕਿਆ ਨਾ ਪੈਸੇ ਨਾਲ, ਦਿਲਾਂ ਦਾ ਪਿਆਰ ਕੋਈ,
ਪਰ ਇਸ ਮਾਇਆ ਨਗਰੀ ਦੇ ਭਰਮਾਂ ਵਿੱਚ,
ਜਿੰਦੇ ਮੈਂ ਦਿਲਾਂ ਦੇ ਹੱਕਦਾਰ ਬਦਲਦੇ ਵੇਖੇ ਨੇ,
ਗਰੇਵਾਲਾ ਦਿਲਾਂ ਵਿੱਚ ਹੋਰਾਂ ਦੇ, ਤੇਰੇ ਲਈ ਐਤਬਾਰ ਬਦਲਦੇ ਵੇਖੇ ਨੇ,
ਜਿੰਦੇ ਮੈਂ ਦਿਲਾਂ ਵਿੱਚ ਹੋਰਾਂ ਦੇ, ਤੇਰੇ ਲਈ ਸਤਿਕਾਰ ਬਦਲਦੇ ਵੇਖੇ ਨੇ…

ਮਿਲਦੀ ਨਹੀਂ ਐ

ਸੁਣ ਦਾਦੇ ਦਾਦੀ ਦਿਆਂ ਕਹਾਣੀਆਂ, ਲੜ੍ਹ ਬਨ੍ਹੀ ਜੋ ਗਲ,
ਗਲ ਓਹੋ ਹਾਲੇ ਵੀ ਭੁਲਦੀ ਨਹੀਂ ਐ,
ਕਹਿੰਦੇ ਜਿਸਦੀ ਨੀਂਵ ਰੱਖੀ ਹੋਵੇ ਪੱਕੀ,
ਇਮਾਰਤ ਓਹੋ ਕਦੇ ਹਿਲਦੀ ਨਹੀਂ ਐ,

ਹਰ ਇਕ ਨਾਲ ਜੋ ਹੋ ਜਾਏ ਸਾਂਝੀ,
ਯਾਰੋ ਗਲ ਓਹੋ ਦਿਲ ਦੀ ਨਹੀਂ ਐ,
ਰਾਹ ਜ਼ਿੰਦਗੀ ਦੇ ਮੁਸਾਫਿਰ ਮਿਲਣ ਲੱਖਾਂ,
ਰਾਸ ਹਰ ਇਕ ਨਾਲ ਕਦੇ ਰਲਦੀ ਨਹੀਂ ਐ,

ਸੱਜਣਾ ਮਾਣ ਲੈ ਬਹਾਰਾਂ, ਛੱਡ ਪੱਲਾ ਗਮਾਂ ਦਾ,
ਖੁਸ਼ੀਆਂ ਭਰੀ ਬਗੀਚੀ ਮੁੜ ਮੁੜ ਖਿੱਲਦੀ ਨਹੀਂ ਐ,
ਦਿਲ ਖੋਲ ਹੱਸ ਖੇਡ ਜਵਾਨੀਆਂ ਮਾਣ ਲੈ,
ਅਣਮੁੱਲੀ ਇਹ ਜ਼ਿੰਦਗਾਨੀ ਬਾਰ ਬਾਰ ਮਿਲਦੀ ਨਹੀਂ ਐ,

ਛੱਡਕੇ ਪਰਵਾਹ ਚੰਦਰੀ ਦੁਨਿਆ ਦੀ,
ਦਿਲ ਆਪਣੇ ਦਾ ਰਾਂਝਾ ਰੱਖੋ ਰਾਜ਼ੀ,
ਨਾ ਬਨ੍ਹੀ ਆਸ ਹਿਮਾਅਤ ਦੀ ਕਿਸੇ ਤੋਂ,
ਕਿਉਂਕੀ ਸੋਚ ਕਦੇ ਕਿਸੇ ਦੀ ਮਿਲਦੀ ਨਹੀਂ ਐ,

ਹੀਰ ਤੇ ਰਾਂਝਾ ਹਕੀਕੀ ਇਸ਼ਕ ਦੇ ਸਨ ਬਾਨੀ,
ਸਮਝੇ ਇਹ ਕੋਈ ਕੋਈ ਦਿਲ ਦਾ ਜਾਨੀ,
ਗਰੇਵਾਲਾ ਜੇ ਮਿਲੇ ਹੀਰ ਜ਼ਿੰਦੜੀ ਲਾ ਦੇਈਏ ਨਾਂ,
ਹੀਰ ਅੱਜ ਕਲ ਹਰ ਇਕ ਨੂੰ ਪਰ ਮਿਲਦੀ ਨਹੀਂ ਐ…

ਜ਼ਿੰਦਗੀ ਵਿੱਚ ਮੇਰੇ

ਯਾਰੋ ਸੁਣੋ ਸੁਣਾਵਾਂ ਕਿੰਝ ਲਾਈ ਅਸਾਂ ਇਸ਼ਕੇ ‘ਚ ਤਾਰੀ,
ਜ਼ਿੰਦਗੀ ਵਿੱਚ ਮੇਰੇ ਆਈ ਇਕ ਪੰਜਾਬਣ ਕੁੜੀ ਕੁਆਰੀ,
ਤੱਕ ਤੱਕ ਦਿਨ ਲੰਘ ਜਾਂਦੇ, ਰਾਤ ਲੰਘਦੀ ਸੋਚਾਂ ਵਿੱਚ,
ਚੜ੍ਹ ਗਈ ਸੀ ਮਿੱਤਰਾਂ ਨੂੰ ਵੀ ਫਿਰ ਇਸ਼ਕ ਖੁਮਾਰੀ,
ਜ਼ਿੰਦਗੀ ਵਿੱਚ ਮੇਰੇ ਆਈ ਜਦ ਇਕ ਪੰਜਾਬਣ ਕੁੜੀ ਕੁਆਰੀ…

ਇਕ ਦਿਨ ਨੀਵੀਂ ਪਾ ਜਦੋਂ ਬੁੱਲੀਆਂ ‘ਚ ਹੱਸ ਗਈ,
ਸੂਰਤ ਪਿਆਰੀ ਉਸਦੀ ਯਾਰਾਂ ਦੇ ਦਿਲ ਵਿੱਚ ਵੱਸ ਗਈ,
ਪਾਸੇ ਤੋਂ ਬਹਿ ਬਹਿ ਤੱਕਦਾ ਰਿਹਾ ਕਈ ਕਈ ਵਾਰੀ,
ਚੜ੍ਹਦੇ ਸੂਰਜ ਦੀ ਲਾਲੀ ਵਾਂਗ ਲੱਗੇ ਨਿੱਤ ਹੋਰ ਵੀ ਪਿਆਰੀ,
ਜ਼ਿੰਦਗੀ ਵਿੱਚ ਮੇਰੇ ਆਈ ਇਕ ਪੰਜਾਬਣ ਕੁੜੀ ਕੁਆਰੀ…

ਲਕ ਪਤਲਾ ਜਦੋਂ ਮਟਕਾ ਕੇ ਲੰਘ ਗਈ,
ਗੁੱਤ ਨਾਗਣੀ ਓਹਦੀ ਯਾਰਾਂ ਨੂੰ ਡੰਗ ਗਈ,
ਜਾਂਦੀ ਜਾਂਦੀ ਚਲਾ ਗਈ ਦਿਲ ਸਾਡੇ ਤੇ ਨੈਣਾਂ ਦੀ ਆਰੀ,
ਪਤਲੋ ਦੇ ਹਰ ਨਖਰੇ ਤੋਂ ਅਸਾਂ ਜਿੰਦ ਵਾਰੀ,
ਜ਼ਿੰਦਗੀ ਵਿੱਚ ਮੇਰੇ ਆਈ ਜਦ ਇਕ ਪੰਜਾਬਣ ਕੁੜੀ ਕੁਆਰੀ…

ਦਿਲ ਯਾਰੋ ਅਦਾਵਾਂ ਓਹਦੀਆਂ ਦਾ ਮੁਰੀਦ ਜਿਹਾ ਹੋ ਗਿਆ,
ਮਨ ਬਸ ਓਹਦੇ ਹੀ ਖਿਆਲਾਂ ਵਿੱਚ ਖੋ ਗਿਆ,
ਰੱਬ ਕਰੇ ਮਾਪੇ ਸਾਡੇ ਮੰਨ ਜਾਣ ਇਕ ਵਾਰੀ,
ਝੱਟ ਲੈਣ ਆ ਜਾਵਾਂ ਖਿੱਚਕੇ ਤਿਆਰੀ,
ਜ਼ਿੰਦਗੀ ਵਿੱਚ ਮੇਰੇ ਆਈ ਇਕ ਪੰਜਾਬਣ ਕੁੜੀ ਕੁਆਰੀ…

ਓਹੋ ਸ਼ੱਖਸ ਦਿਲ ਉਤੇ ਐਸਾ ਛਾ ਗਿਆ,
ਸੁਪਨੇ ‘ਚ ਜਦ ਨਾਲ ਮੇਰੇ ਜਿਉਣ ਮਰਨ ਦੀਆਂ ਕਸਮਾਂ ਪਾ ਗਿਆ,
ਘਰ ਦਾ ਸ਼ਿੰਗਾਰ, ਤੇ ਆ ਜਾਏ ਬਣ ਮੇਰੇ ਮਾਪਿਆਂ ਦੀ ਨੂੰਹ ਪਿਆਰੀ,
ਦਿਲ ਵਿੱਚ ਵਸਾਕੇ ਰੱਖੂ ਜੋਤ ਓਹਨੂੰ ਉਮਰ ਇਹ ਸਾਰੀ,
ਜ਼ਿੰਦਗੀ ਵਿੱਚ ਮੇਰੇ ਆਈ ਇਕ ਪੰਜਾਬਣ ਕੁੜੀ ਕੁਆਰੀ…

ਮੇਲ ਕਰਾਦੇ ਓ ਮੇਲਣਹਾਰ

ਸੂਰਤ ਉਸਦੀ, ਜਿਵੇਂ ਬੱਦਲਾਂ ਗਰਜ ਸੰਭਾਲੀ ਓ ਯਾਰ,
ਰੰਗ ਰੰਗਿਆ ਗੂੜ੍ਹਾ, ਮੁਰਸ਼ਦ ਵਾਲੀ ਲਾਲੀ ਓ ਯਾਰ,
ਦਿਲ ਮੇਰੇ ਦੀ ਬਣ ਗਈ, ਪਹਿਲੀ ਤੱਕਣੀ ਓਹ ਹਕਦਾਰ,
ਦਿਲ ਕਰਦਾ ਓੁਸਦਾ ਬਣ ਜਾਵਾਂ ਮੈਂ ਵੀ ਹਕਦਾਰ,
ਦਰ ਤੇਰੇ ਤੇ ਕਰਾਂ ਸਜ਼ਦਾ, ਮੇਲ ਕਰਾਦੇ ਓ ਮੇਰੇ ਮੇਲਣਹਾਰ,

ਦੰਦ ਮੋਤੀ ਖਿੜ ਖਿੜ ਜਾਣ, ਜੱਦ ਉਹ ਹਸਦੀ,
ਇਕ ਭੋਲੀ ਜਿਹੀ ਸੂਰਤ ਯਾਰੋ ਜਾਂਦੀ ਦਿਲ ਵਿਚ ਵਸਦੀ,
ਹੁਸਨ ਖਜ਼ਾਨਾ ਲੱਦੀ ਫਿਰਦੀ, ਭਰ ਜੋਬਨ ਮੁਟਿਆਰ,
ਦਿਲ ਕਰਦਾ ਏ ਬਣ ਜਾਵਾਂ ਮੈਂ ਉਸਦਾ ਪਹਿਰੇਦਾਰ,
ਦਰ ਤੇਰੇ ਤੇ ਕਰਾਂ ਸਜ਼ਦਾ, ਮੇਲ ਕਰਾਦੇ ਓ ਮੇਰੇ ਮੇਲਣਹਾਰ,

ਲਕ ਪਤਲਾ, ਪੈਰੀਂ ਝਾਂਜ਼ਰ, ਤੋਰ ਤੁਰੇ ਮਸਤਾਨੀ
ਗੁੱਤ ਸੱਪਣੀ ਵਾਂਗ ਮੇਲਦੀ, ਕਰਦੀ ਫਿਰੇ ਸ਼ੈਤਾਨੀ,
ਉਸ ਪਰੀਆਂ ਦੀ ਮੂਰਤ ਨੂੰ ਬੈਠਾ ਮੈਂ ਦਿਲ ਹਾਰ,
ਦਿਲ ਕਰਦਾ ਏ ਘਰ ਆ ਜਾਏ ਮੇਰੇ ਬਣਕੇ ਮੇਰੀ ਨਾਰ,
ਦਰ ਤੇਰੇ ਤੇ ਕਰਾਂ ਸਜ਼ਦਾ, ਮੇਲ ਕਰਾਦੇ ਓ ਮੇਰੇ ਮੇਲਣਹਾਰ,

ਰੂਪ ਉਸਦਾ ਜਿਓਂ ਸਿਆਲਾਂ ਦੀ ਹੀਰ, ਕੀ ਕਰਾਂ ਮੈਂ ਬਿਆਨ,
ਪਰਵਾਨਾ ਬਣਕੇ ਹੋ ਜਾਵਾਂ ਉਸ ਸ਼ਮਾਂ ਤੋਂ ਮੈਂ ਕੁਰਬਾਨ,
ਝੱਲ ਸਕਿਆ ਨਾ ਗਰੇਵਾਲ ਓਹਦੇ ਨੈਣਾ ਦੀ ਮਾਰ,
ਦਿਲ ਕਰਦਾ ਏ ਬਣ ਜਾਵਾਂ ਮੈਂ ਉਸਦਾ ਤਾਬੇਦਾਰ,
ਦਰ ਤੇਰੇ ਤੇ ਕਰਾਂ ਸਜ਼ਦਾ, ਮੇਲ ਕਰਾਦੇ ਓ ਮੇਰੇ ਮੇਲਣਹਾਰ…

ਜ਼ਿੰਦਗੀ ਦਾ ਸਰਮਾਇਆ

ਝਿੜਕਾਂ ਖਾਧੀਆਂ ਬਾਪੂ ਕੋਲੋਂ, ਮਾਂ ਨਾਲ ਸੀ ਲਾਡ ਲਡਾਇਆ,
ਹੱਸਦੇ ਖੇਡਦੇ ਬਚਪਨ ਬੀਤਿਆ, ਮਿੱਟੀ ਦੇ ਖਿਡੌਣਿਆਂ ਸੀ ਮਨ ਪਰਚਾਇਆ,
ਜਾਣ ਲੱਗਾ ਜਦ ਪੜ੍ਹਣ ਸਕੂਲੇ, ਮਾਂ ਨੇ ਪਿਆਰ ਨਾਲ ਸਜਾਇਆ,
ਬਣ ਗਈਆਂ ਨੇ ਇਹੀ ਯਾਦਾਂ ਮੇਰੀ ਜ਼ਿੰਦਗੀ ਦਾ ਸਰਮਾਇਆ,

ਯਾਰ ਬੜੇ ਦਿਲਦਾਰ ਮਿਲੇ, ਪੈਰ ਜਦ ਕਾਲਜ ‘ਚ ਪਾਇਆ,
ਦਿਨ ਬਹਾਰਾਂ ਸਨ ਓਹ ਯਾਰੋ, ਮਹਿਫਲਾਂ ਨੂੰ ਸੀ ਤੁਸੀਂ ਸਜਾਇਆ,
ਹੱਸਕੇ ਅਸੀਂ ਗਲ੍ਹ ਨਾਲ ਲਾਇਆ, ਦੋਸਤੀ ਦਾ ਜਦ ਕਿਸੇ ਹੱਥ ਵਧਾਇਆ,
ਮੁੜ੍ਹ ਨੀ ਆਉਂਣੇ ਓਹ ਦਿਨ ਪਿਆਰੇ, ਬਣ ਗਏ ਜੋ ਜ਼ਿੰਦਗੀ ਦਾ ਸਰਮਾਇਆ,

ਇਸ ਦਿਲ ਦੀ ਰਮਜ਼ ਅਵੱਲੀ, ਲੱਭਦੀ ਫਿਰੇ ਦਿਲ ਦਾ ਜਾਨੀ,
ਰੋਗ ਡਾਢ੍ਹਾ ਇਸ਼ਕੇ ਦਾ ਲਾਇਆ, ਯਾਰੋ ਜਦ ਦੀ ਚੜ੍ਹੀ ਜਵਾਨੀ,
ਇਸ ਦਿਲ ਦੇ ਵਣਜ ਵਿਚੋਂ ਪਰ ਕਹਿੰਦੇ ਕਦੇ ਕਿਸੇ ਨਾ ਕਮਾਇਆ,
ਉਹ ਤਾਂਘ ਭਰੀਆਂ ਨਜ਼ਰਾਂ ਬਣੀਆਂ ਮੇਰੀ ਜ਼ਿੰਦਗੀ ਦਾ ਸਰਮਾਇਆ,

ਤਾਂਘ ਮੁੱਕੀ ਦਿਲ ਦੀ, ਮੁੱਖੜਾ ਜਦ ਉਸਦਾ ਨਜ਼ਰੀਂ ਆਇਆ,
ਮਹਿਕ ਗਿਆ ਮਨ ਦਾ ਵਿਹੜਾ, ਉਸ ਰੂਹ ਨੇ ਜਦ ਫੇਰਾ ਪਾਇਆ,
ਬਣ ਗਿਆ ਹੱਕਦਾਰ ਸਾਹਾਂ ਦਾ, ਜੋ ਸੀ ਇਕ ਸ਼ਖਸ ਪਰਾਇਆ,
ਉਸ ਨਾਲ ਬੀਤੇ ਜੋ ਪਲ ਬਣ ਗਏ ਮੇਰੀ ਜ਼ਿੰਦਗੀ ਦਾ ਸਰਮਾਇਆ,

ਜਾਂਦਾ ਜਾਂਦਾ ਸ਼ਖਸ ਦੂਰ ਇਕ ਦਿਨ ਉਹ ਹੋ ਗਿਆ,
ਕਿਸਮਤ ਸਾਡੀ ਦੇ ਦੀਵੇ ਦੀ ਉਹ ਲੈ ਲੋ ਗਿਆ,
ਸਮੁੰਦਰੋਂ ਢੂੰਘੇ ਪਿਆਰ ਉਹਦੇ ਨੂੰ ਮੈਂ ਸਮਝ ਨਾ ਪਾਇਆ,
ਪਿਆਰ ਉਹਦਾ ਬਣ ਗਿਆ ਏ ਮੇਰੀ ਜ਼ਿੰਦਗੀ ਦਾ ਸਰਮਾਇਆ,

ਰੀਝ ਪੁਗਾਈ ਹਰ ਇਸ ਦਿਲ ਦੀ, ਉਸ ਆਪਣਾ ਹੱਕ ਜਤਾਇਆ,
ਹੱਸ ਹੱਸ ਗੱਲਾਂ ਕੀਤੀਆਂ, ਉਸ ਦਿਲ ਦਾ ਹਾਲ ਸੁਣਾਇਆ,
ਹੀਰੇ ਵਰਗਾ ਯਾਰ ਅਸੀਂ ਕਉਢੀਆਂ ਦੇ ਭਾਅ ਗਵਾਇਆ,
ਬੋਲ ਉਸਦੇ ਬਣਕੇ ਰਹਿ ਗਏ ਮੇਰੀ ਜ਼ਿੰਦਗੀ ਦਾ ਸਰਮਾਇਆ,

ਦਿਲ ਸਮਝਾਇਆਂ ਸਮਝਦਾ ਨਹੀਂ, ਅਸੀਂ ਆਪਣਾ ਮਨ ਸਮਝਾਇਆ,
ਉਸਦਾ ਇਸ ਵਿਚ ਕੋਈ ਦੋਸ਼ ਨਹੀਂ, ਸਾਨੂੰ ਹੀ ਯਾਰ ਰੱਖਣਾ ਨਾ ਆਇਆ,
ਰੋਂਦੇ ਨੂੰ ਮੋਡਾ ਦੇ ਦਿੰਦਾ, ਕਾਸ਼ ਹੁੰਦਾ ਜੇ ਕੋਈ ਅੱਜ ਮਾਂ-ਪਿਓ ਜਾਇਆ,
ਅਫਸੋਸ ਕਰਨਾ ਹੀ ਬਣ ਗਿਆ ਹੁਣ ਮੇਰੀ ਜ਼ਿੰਦਗੀ ਦਾ ਸਰਮਾਇਆ,

ਜਦੋਂ ਕਦੀ ਕੋਈ ਗੀਤ ਵਿਚਾਰਾ, ਅੱਖੀਆਂ ਅੰਦਰ ਤਰ ਤਰ ਆਇਆ,
ਰਾਤ ਬਰਾਤੇ ਗੀਤ ਓਹੀ ਮੈਂ, ਥਪ-ਥਪ ਆਪਣੇ ਨਾਲ ਸਵਾਇਆ,
ਪੈਂਡਾ ਜ਼ਿੰਦਗੀ ਦਾ ਹੈ ਬੜ੍ਹਾ ਲੰਮਾ, ਖੌਰੇ ਕਿਉਂ ਨਾ ਰੱਬ ਨੇ ਅੱਜ ਆਣ ਮੁਕਾਇਆ,
ਜੋ ਹਾਲ ਦਿਲ ਦਾ ਮੈਂ ਖੋਲ੍ਹ ਸੁਣਾਇਆ, ਇਹੀ ਸਭ ਗਰੇਵਾਲ ਦੀ ਜ਼ਿੰਦਗੀ ਦਾ ਸਰਮਾਇਆ ।

ਸਾਰੀ ਜ਼ਿੰਦਗੀ

ਦਿਲ ਵਿੱਚ ਪਾਇਆ ਇਕ ਸ਼ੱਖਸ ਨੇ ਫੇਰਾ,
ਜ਼ਿੰਦਗੀ ਵਿੱਚ ਹੋਗਿਆ ਮੇਰੇ ਰੌਸ਼ਨ ਸਵੇਰਾ,
ਪਹਿਲੀ ਹੀ ਤੱਕਣੀ ਦਿਲ ਵਿੱਚ ਵੱਸ ਗਈ ਉਹ ਸੂਰਤ ਪਿਆਰੀ,
ਰੱਬ ਨੇ ਅਰਸ਼ਾਂ ਦੀ ਰੂਹ ਜਿਵੇਂ ਹੋਵੇ ਸਾਡੇ ਲਈ ਉਤਾਰੀ,
ਦਿਲ ਉਸਦੇ ਦੀ ਧੜਕਣ ਬਣਕੇ ਧੜਕ ਜਾਣਾ ਚਾਹੁੰਦਾ ਹਾਂ,
ਸਾਰੀ ਜ਼ਿੰਦਗੀ ਉਸ ਉੱਤੇ ਅਪਣਾ ਪਿਆਰ ਲੁਟਾਉਣਾ ਚਾਹੁੰਦਾ ਹਾਂ…

ਹਾਰ ਸ਼ਿੰਗਾਰ ਲਗਾਕੇ, ਜਦ ਨਿਕਲੇ ਅਰਸ਼ਾਂ ਦੀ ਹੂਰ,
ਅਲੜ੍ਹ ਜਵਾਨੀ ਉਸਦੀ ਕਰਦੇ ਦਿਲ ਗੱਭਰੂਆਂ ਦੇ ਚੂਰ ਚੂ੍ਰ,
ਰੰਗ ਗੁਲਾਬੀ, ਨੈਣ ਨਸ਼ੀਲੇ ਜਾਣ ਅੱਗ ਪਾਣੀਆਂ ਨੂੰ ਲਾਈ,
ਹਰ ਮੁੱਖ ਤੇ ਚਰਚਾ ਉਸਦੀ, ਪਿੰਡ ਵਿੱਚ ਮੱਚੀ ਦੁਹਾਈ,
ਗਿੱਧੀਆਂ ਦੀ ਰਾਣੀ ਨੂੰ, ਆਪਣੇ ਦਿਲ ਦੀ ਰਾਣੀ ਬਣਾਉਂਣਾ ਚਾਹੁੰਦਾ ਹਾਂ,
ਸਾਰੀ ਜ਼ਿੰਦਗੀ ਉਸ ਉੱਤੇ ਅਪਣਾ ਪਿਆਰ ਲੁਟਾਉਣਾ ਚਾਹੁੰਦਾ ਹਾਂ…

ਇਹ ਯਾਦਾਂ ਵੀ ਅਜੱਬ ਰੰਗ ਵਿਖਾਉਂਦੀਆਂ ਨੇ,
ਸੱਜਣ ਹੋਵੇ ਅੱਖਿਆਂ ਤੋਂ ਦੂਰ, ਤਦ ਇਹ ਆਪਣਾ ਹੱਕ ਜਤਾਉਂਦਿਆਂ ਨੇ,
ਯਾਦਾਂ ਉਹਦੀਆਂ ਮੇਰੇ ਦਿਲ ਦਾ ਬੂਹਾ ਅਕਸਰ ਖੱੜਕਾਉਂਦੀਆਂ ਨੇ,
ਆਕੇ ਦਿਲ ਸਾਡੇ ਦੇ ਵਿਹੜੇ ਨੂੰ ਮਹਿਕਾਉਂਦੀਆਂ ਨੇ,
ਇਹ ਯਾਦਾਂ ਦਾ ਸਰਮਾਇਆ ਦਿਲ ਦੀ ਪਟਾਰੀ ਪਾਉਂਣਾ ਚਾਹੁੰਦਾ ਹਾਂ,
ਸਾਰੀ ਜ਼ਿੰਦਗੀ ਉਸ ਉੱਤੇ ਅਪਣਾ ਪਿਆਰ ਲੁਟਾਉਣਾ ਚਾਹੁੰਦਾ ਹਾਂ…

ਝੱਲੀ ਜਾਂਦੀ ਨਹੀਂ ਹੁਣ ਉਸ ਕੋਲੋਂ ਦੂਰੀ,
ਪਰ ਕੋਈ ਸੱਮਝੇ ਨਾ ਝੱਲੇ ਦਿਲ ਦੀ ਮਜਬੂਰੀ,
ਸਾਥ ਉਸਦਾ ਹੈ ਕਿਨ੍ਹਾ ਜਿੰਦ ਸਾਡੀ ਲਈ ਜ਼ਰੂਰੀ,
ਬਿਨਾ ਉਸਦੇ ਸਾਡੀ ਯਾਰੋ ਜ਼ਿੰਦਗੀ ਅਧੂਰੀ,
ਦੂਰੀਆਂ ਦੇ ਇਸ ਫਾਸਲੇ ਨੂੰ ਹਮੇਸ਼ਾਂ ਲਈ ਮਿਟਾਉਂਣਾ ਚਾਹੁੰਦਾ ਹਾਂ,
ਸਾਰੀ ਜ਼ਿੰਦਗੀ ਉਸ ਉੱਤੇ ਅਪਣਾ ਪਿਆਰ ਲੁਟਾਉਣਾ ਚਾਹੁੰਦਾ ਹਾਂ…

ਉਡੀਕਦਾ ਹਾਂ

ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ,
ਚੱਲੇ ਸਾਂ ਹਰਸ਼ ਤੇ ਉਲਾਸ ਵਿੱਚ,
ਸੋਚ ਲੈਕੇ ਕਿ ਬੇਗਾਨੇ ਸਾਨੂੰ ਗਲ ਲਾਉਂਣਗੇ,
ਸੋਚਿਆ ਨਹੀਂ ਸੀ ਕਦੇ ਸਾਨੂੰ ਇੰਝ ਰੁਲਾਉਣਗੇ,
ਸੋਚਿਆ ਨਹੀਂ ਸੀ ਸਾਡੇ ਸਿਦਕ ਤਾਂਈ ਇੰਝ ਅਜਮਾਉਣਗੇ,
ਉਡੀਕਦਾ ਹਾਂ ਦਿਨ ਮੁੜ ਕਦ ਬਹਾਰਾਂ ਵਾਲੇ ਆਉਣਗੇ,

ਦੇਖ ਏਥੌਂ ਦੇ ਹਾਲਾਤ, ਜਿੰਦ ਸੋਚਾਂ ਵਿੱਚ ਪੈ ਗਈ,
ਪੰਜ ਆਬਾਂ ਦੇ ਗੱਬਰੂ ਪੱਲੇ ਬੇਰੁਜਗਾਰੀ ਪੈ ਗਈ,
ਸਵਰਗਾਂ ਦੇ ਰਾਹੀ, ਜਾ ਨਰਕਾਂ ਦਾ ਬੂਹਾ ਖੜਕਾਉਣਗੇ,
ਸੋਚਿਆ ਨਹੀਂ ਸੀ ਕਦੇ ਰਾਹੀ ਇੰਝ ਪੱਛਤਾਉਣਗੇ,
ਸੋਚਿਆ ਨਹੀਂ ਸੀ ਸਾਡੇ ਸਿਦਕ ਤਾਂਈ ਇੰਝ ਅਜਮਾਉਣਗੇ,
ਉਡੀਕਦਾ ਹਾਂ ਦਿਨ ਮੁੜ ਕਦ ਬਹਾਰਾਂ ਵਾਲੇ ਆਉਣਗੇ,

ਦਿਲ ਕਰਦਾ ਏ ਪਰਤ ਜਾਵਾਂ ਆਪਣੇ ਗਰਾਂ,
ਮੰਨਦੇ ਨਾ ਮਾਪੇ, ਸਮਝਾਵਾਂ ਕਿਸ ਤਰਾਂ,
ਦੁੱਖ ਪੁੱਤ ਦੇ ਵਿਛੋੜੇ ਦਾ, ਉਹ ਕਿੰਝ ਹੰਡਾਉਣਗੇ,
ਪਰ ਇੱਥੇ ਦੇਖ ਪੁੱਤ ਨੂੰ ਉਦਾਸ, ਉਹ ਖੁਸ਼ ਕਿੰਝ ਹੋਣਗੇ,
ਸੋਚਿਆ ਨਹੀਂ ਸੀ ਸਾਡੇ ਸਿਦਕ ਤਾਂਈ ਇੰਝ ਅਜਮਾਉਣਗੇ,
ਉਡੀਕਦਾ ਹਾਂ ਦਿਨ ਮੁੜ ਕਦ ਬਹਾਰਾਂ ਵਾਲੇ ਆਉਣਗੇ,

ਸੋਚ ਵਿਚਾਰ ਆਖਰੀ ਕਰਲੈ ਦਿਲਾ,
ਰਹਿ ਜਾਵੇ ਨਾ ਕਿਸੇ ਦਿਲ ਵਿੱਚ ਤੇਰੇ ਲਈ ਗਿਲਾ,
ਮੁੜਦੇ ਦੇ ਅੱਗੇ ਲੈ ਸਵਾਲ ਕਈ ਖਲੋਣਗੇ ‘ਤੇ ਨਰਾਜ਼ਗੀ ਜਤਾਉਣਗੇ,
ਇਕ ਇਕ ਕਰ ਫਿਰ ਤੈਨੂੰ ਸਮਝਾਉਣਗੇ,
ਸੋਚਿਆ ਨਹੀਂ ਸੀ ਸਾਡੇ ਸਿਦਕ ਤਾਂਈ ਇੰਝ ਅਜਮਾਉਣਗੇ,
ਉਡੀਕਦਾ ਹਾਂ ਦਿਨ ਮੁੜ ਕਦ ਬਹਾਰਾਂ ਵਾਲੇ ਆਉਣਗੇ,

ਕਾਹਤੋਂ ਤੱਕਿਆ ਦਿਲਾ ਬੇਗਾਨਾ ਸਹਾਰਾ ਤੂੰ,
ਦੇਸ ਆਪਣੇ ‘ਚ ਕਰਦਾ ਸੈਂ ਮੌਜ ਬਹਾਰਾ ਤੂੰ,
ਡਿਗਦੇ ਨੂੰ ਤੈਨੂੰ ਜਿਹੜੇ ਹੱਥ ਪਾਉਣਗੇ, ਓਹੀ ਯਾਰਾਂ ਦੇ ਯਾਰ ਕਹਾਉਣਗੇ,
ਔਖੇ ਵੇਲੇ ਗਰੇਵਾਲਾ ਆਪਣੇ ਹੀ ਸਾਥ ਨਿਭਾਉਣਗੇ,
ਸੋਚਿਆ ਨਹੀਂ ਸੀ ਸਾਡੇ ਸਿਦਕ ਤਾਂਈ ਇੰਝ ਅਜਮਾਉਣਗੇ,
ਉਡੀਕਦਾ ਹਾਂ ਦਿਨ ਮੁੜ ਕਦ ਬਹਾਰਾਂ ਵਾਲੇ ਆਉਣਗੇ…